ਤੇਰੇ ਲਈ ਇੱਕ ਕਵਿਤਾ ਲਿਖਦਿਆਂ ਕਈ ਯੁਗ ਬੀਤੇ
ਕਈ ਧਰਤੀਆਂ ਸੂਰਜ ਉਗਮੇ ਬਿਨਸੇ
ਯੁਗਾਂ ਯੁਗਾਂ ਤੋਂ ਕਲਮ ਹੈ
ਚਲਦੀ ਯੁਗਾਂ ਯੁਗਾਂ ਤੋ ਪੈਰ
ਨਾ ਕਲਮ ਦੀ ਕਵਿਤਾ ਮੁੱਕਦੀ
ਨਾ ਪੈਰਾਂ ਦੀ ਵਾਟ
ਲਖ ਧਰਤੀਆਂ ਭਰ ਆਈ ਹਾਂ
ਲਿਖ ਲਿਖ ਕਾਲੀਆਂ ਕਰ ਆਈ ਹਾਂ
ਅਕਾਸ਼ਾਂ ਵਿਚ ਹੀਰੇ ਜੜ ਆਈ ਹਾਂ
ਸਬ ਸ਼ਬਦਾਂ ਨਾਲ ਮੜ ਆਈ ਹਾਂ
ਮੇਰੀ ਕਵਿਤਾ ਕਿੰਨੀ ਲੰਬੀ
ਕਿੰਨਾ ਹੈ ਤੇਰਾ ਵਿਸਥਾਰ
ਤੇਰੀ ਵਿਥਿਆ ਹਵਾ ਦਾ ਪੱਲੂ
ਮੇਰੀ ਵਿਥਿਆ ਭੋਇੰ ਭਾਰ
ਰਹਿ ਰਹਿ ਕੀਤੀ ਕਵਿਤ ਕਹਾਣੀ
ਆਖ ਨਾ ਹੋਇਆ ਤੇਰਾ ਆਕਾਰ
ਕਿਹੜੇ ਦੇਸਾਂ ਦੀ ਮੈ ਰਾਣੀ
ਤੂ ਕੌਣ ਦੇਸ ਦਾ ਰਾਜ ਕੁਮਾਰ