Tuesday, 25 December 2012

ਤੇਰੇ ਲਈ ਇੱਕ ਕਵਿਤਾ ਲਿਖਦਿਆਂ


 ਤੇਰੇ ਲਈ ਇੱਕ ਕਵਿਤਾ ਲਿਖਦਿਆਂ ਕਈ ਯੁਗ ਬੀਤੇ 
ਕਈ ਧਰਤੀਆਂ ਸੂਰਜ ਉਗਮੇ ਬਿਨਸੇ 
ਯੁਗਾਂ ਯੁਗਾਂ ਤੋਂ ਕਲਮ ਹੈ 
ਚਲਦੀ ਯੁਗਾਂ ਯੁਗਾਂ ਤੋ ਪੈਰ  
ਨਾ ਕਲਮ ਦੀ ਕਵਿਤਾ ਮੁੱਕਦੀ 
ਨਾ ਪੈਰਾਂ ਦੀ ਵਾਟ 

ਲਖ ਧਰਤੀਆਂ ਭਰ ਆਈ ਹਾਂ
ਲਿਖ ਲਿਖ ਕਾਲੀਆਂ ਕਰ ਆਈ ਹਾਂ 
ਅਕਾਸ਼ਾਂ ਵਿਚ ਹੀਰੇ ਜੜ ਆਈ  ਹਾਂ 
ਸਬ ਸ਼ਬਦਾਂ ਨਾਲ ਮੜ ਆਈ ਹਾਂ 
ਮੇਰੀ ਕਵਿਤਾ ਕਿੰਨੀ ਲੰਬੀ 
ਕਿੰਨਾ ਹੈ ਤੇਰਾ ਵਿਸਥਾਰ 

ਤੇਰੀ ਵਿਥਿਆ ਹਵਾ ਦਾ ਪੱਲੂ 
ਮੇਰੀ ਵਿਥਿਆ ਭੋਇੰ ਭਾਰ 
ਰਹਿ ਰਹਿ ਕੀਤੀ ਕਵਿਤ ਕਹਾਣੀ
ਆਖ ਨਾ ਹੋਇਆ ਤੇਰਾ ਆਕਾਰ 
ਕਿਹੜੇ ਦੇਸਾਂ ਦੀ ਮੈ ਰਾਣੀ
ਤੂ ਕੌਣ ਦੇਸ ਦਾ ਰਾਜ ਕੁਮਾਰ 

Tuesday, 5 June 2012

ਰੋਕ ਲੈ!

ਰੋਕ ਲੈ!
ਮੇਰੇ ਮਥੇ  ਨੂੰ
ਹਥਾਂ  ਨਾਲ
ਹੋਠਾਂ  ਨਾਲ

ਦੇਖ ਇਸਦੇ ਪੈਰ ਨਿਕਲ ਰਹੇ ਨੇ .....

Thursday, 12 April 2012

ਸਾਜਿਸ਼

ਮੈਂ ਪੁਛਿਆ ਸੀ
ਕਿਹੋ ਜਿਹਾ ਹੋਣਾ ਚਾਹੀਦਾ
ਪਤੀ ਪਤਨੀ ਦਾ ਰਿਸ਼ਤਾ

ਤੂੰ ਕਿਹਾ ਸੀ
ਰੂਮ-ਮੇਟਸ ਵਰਗਾ
ਜਿਵੇਂ ਹੋਸਟਲ ਵਿਚ ਹੁੰਦਾ

ਆਪਣੀ-ਆਪਣੀ ਬਾਲਟੀ
ਆਪੋ - ਆਪਣਾ ਸਾਬਣ
ਆਪੋ -ਆਪਣਾ ਤੌਲੀਆ

ਵਖੋ-ਵਖ ਅਲਮਾਰੀ
ਅਲਮਾਰੀ ਦੇ ਵਖੋ ਵਖਰੇ ਤਾਲੇ
ਮੁਖ ਦਰਵਾਜੇ ਦਾ ਇੱਕ ਤਾਲਾ
ਤੇ ਆਪੋ ਆਪਣੀ ਚਾਬੀ

ਮੈਂ ਵੀ ਸੋਚਦੀ ਸਾਂ
ਬਿਲਕੁਲ ਇਸੇ ਤਰਾਂ

ਅਸੀਂ ਚਾਹਿਆ  ਤੇ ਰੂਮ-ਮੇਟਸ ਬਣ ਗਏ

ਫਿਰ ਸਾਜਿਸ਼ ਕੀਤੀ
ਸਾਡੇ ਕਪੜਿਆਂ ਨੇ
ਤੇ ਇੱਕੋ ਅਲਮਾਰੀ ਵਿਚ ਜਾ ਟਿਕੇ

ਇਹੀ ਸਾਜਿਸ਼-
ਤੌਲੀਏ ਸਾਬਣ ਬਰਤਨਾ ਸਬ ਨੇ ਕੀਤੀ

ਸਭ ਤੋ ਵੱਡੀ ਸਾਜਿਸ਼-
ਤਾਲਿਆਂ ਨੇ ਕੀਤੀ
ਤੇ ਚਾਬੀਆਂ ਨੇ ਦਿੱਤਾ-
ਤਾਲਿਆਂ ਦਾ ਸਾਥ

ਚਾਬੀਆਂ ਤੇ ਤਾਲਿਆਂ  ਲਈ ਲੜਦੇ
ਅਸੀਂ ਪਤਾ ਨੀ ਕੀ ਹੋ ਗਏ
ਖੁਰ ਗਿਆ ਰੂਮ-ਮੇਟਸ ਹੋਣ ਦਾ ਸੁਪਨਾ ....


Monday, 9 April 2012

ਇੰਤਜ਼ਾਰ

ਇੰਤਜ਼ਾਰ (੧)

ਇੰਤਜ਼ਾਰ ਦੀ ਤਣੀ ਹੋਈ ਰੱਸੀ 'ਤੇ ਤੁਰਦਿਆਂ
ਕਦੇ ਸੱਜਾ ਪੱਬ ਬਚਾਉਂਦਾ
ਕਦੇ ਖੱਬਾ

ਕਦੇ ਕਦੇ ਪੈਰਾਂ ਦੇ ਨਹੁੰ ਵੀ ਬਚਾ ਲੈਂਦੇ

ਜਦੋਂ ਜਿਸਮ ਇਨਕਾਰੀ ਹੁੰਦਾ
ਮੈਂ ਸਾਹਾਂ ਨਾਲ ਫੜਦੀ ਹਾਂ ਰੱਸੀ
ਤੇ ਹਵਾ ਵਿਚ ਲਟਕ ਜਾਂਦੀ ਹਾਂ

ਹੁਣ ਹੁੰਗਾਰਾ ਨਾ ਭਰ

ਤੇਰੇ 'ਹੂੰ' ਦੀ ਗੂੰਜ ਵੀ
ਮੇਰਾ ਸੰਤੁਲਨ ਵਿਗਾੜਦੀ....

ਇੰਤਜ਼ਾਰ (੨)

ਇੰਤਜ਼ਾਰ ਦੀ ਤਣੀ ਹੋਈ ਰੱਸੀ 'ਤੇ ਤੁਰਦਿਆਂ
ਨਾ ਯਾਦਾਂ ਨਾਲ ਹੁੰਦੀਆਂ
ਨਾ ਸੁਪਨੇ

ਬਸ ਇੱਕ ਡਰ ਹੁੰਦਾ ...
ਰੱਸੀ ਤੋ ਤਿਲਕਣ ਦਾ
ਖਾਈ ਵਿਚ ਡਿੱਗਣ ਦਾ

ਮਾਫ਼ ਕਰੀਂ !
ਇਸ ਰੱਸੀ ਤੇ ਤੁਰਦਿਆਂ
ਜਦੋਂ ਚੀਕ ਵੀ ਨਿਕਲੀ
ਮੇਰੇ ਨਾਲ ਡਰ ਸੀ
ਤੇਰਾ ਪਿਆਰ ਨਹੀਂ ...

ਇੰਤਜ਼ਾਰ (੩)

ਇੰਤਜ਼ਾਰ ਦੀ ਕਸੀ ਹੋਈ ਰੱਸੀ 'ਤੇ
ਨਟੀ ਵਾਂਗ ਤੁਰਦਿਆਂ

ਮੈਂ ਬਾਹਾਂ ਹਵਾ ਵਿਚ ਫੈਲਾ ਦਿੱਤੀਆਂ

ਹਵਾ ਨੇ ਕਿਹਾ ..
ਮੇਰਾ ਨਾ ਭਾਰ ਨਾ ਜਿਸਮ
ਨਾ ਵਸਲ ਨਾ ਹਿਜ਼ਰ

ਮੈਂ ਹਵਾ ਵਿਚ ਘੁਲ ਗਈ

ਰੱਸੀ ਦੇ ਦੂਜੇ ਪਾਸੇ
ਤੂੰ ਹਥ ਵਧਾਈ ਖੜਾ ਸੀ

ਮੈਂ ਤੇਰੀਆਂ ਉਂਗਲਾ ਦੀਆਂ ਵਿਰਲਾਂ ਥਾਣੀ ਨਿਕਲ ਗਈ ....

ਇੰਤਜ਼ਾਰ (੪)

ਇੰਤਜ਼ਾਰ ਦੀ ਕਸੀ ਹੋਈ ਰੱਸੀ ਤੋਂ ਉਤਰਕੇ ਹੀ
ਸੰਭਵ ਹੋਈ
ਨਟੀ ਦੇ ਸਫਰ ਦੀ ਕਵਿਤਾ.....

Monday, 2 April 2012

ਰਾਤ ਨੂੰ ਕਹੋ

ਰਾਤ ਨੂੰ ਕਹੋ
ਮੇਰੇ ਅਸਮਾਨ ਤੇ ਨਾ ਉੱਤਰਿਆ ਕਰੇ
ਅੱਜ ਕੱਲ੍ਹ ਮੇਰਾ ਸੂਰਜ ਵੀ ਕਾਲੇ ਰੰਗ ਦਾ ਹੈ

ਤੇ ਮੈਂ ਜਾਗਦਿਆਂ ਵੀ ਸੁੱਤੀ ਹੁੰਦੀ ਹਾਂ ....

ਖਾਲੀ ਲਿਫ਼ਾਫ਼ਾ

ਵਕ਼ਤ ਦੀ ਟਹਿਣੀ ਵਿਚ ਫਸਿਆ
ਇੱਕ ਖਾਲੀ ਲਿਫ਼ਾਫ਼ਾ ਹਾਂ
ਪਤਾ ਨੀ ਕਿਸ ਕਿਸ
ਕੀ ਕੀ ਖਾਕੇ
ਖਾਲੀ ਸੁੱਟ ਦਿੱਤਾ ਹੈ .....

ਖਾਮੋਸ਼ੀ


ਖਾਮੋਸ਼ੀ ਦਾ ਕੀ ਹੈ
ਇਹ ਤਾ ਉੜਦਾ ਪੰਛੀ ਹੈ
 ਕਦੇ ਇਸ ਟਹਿਣੀ
ਕਦੇ ਉਸ ਟਹਿਣੀ

ਮੈਂ ਵੀ ਖਿੜਕੀ ਖੋਲ ਹੈ ਦਿੱਤੀ
ਤੇ ਚੋਗਾ ਤਾਂ ਤੂੰ ਪਾ ਦਿੱਤਾ ਸੀ ....