Tuesday, 21 February 2012

ਘਰ

ਛਤ ਦੇ ਵਿਚ ਛੇਦ ਹੈ ਕੋਈ
ਜਾਂ ਫ਼ਰਸ਼ ਵਿਚ ਖੂਹ

ਕਿੰਨਾ ਕੁਜ ਐਵੇਂ ਲਭ ਪੈਂਦਾ
ਨਾ ਮੈਂ ਰਖਿਆ
ਨਾ ਤੂੰ .....

ਛਤ ਦੇ ਵਿਚ ਛੇਦ ਹੈ ਕੋਈ
ਜਾਂ ਫ਼ਰਸ਼ ਵਿਚ ਖੂਹ

ਕਿੰਨਾ ਕੁਜ ਗੁਮ-ਗੁਆਚ ਗਿਆ ਹੈ

ਪੇਹਲੋਂ-ਪਹਲ ਕੁਜ ਸ਼ਬਦ ਗੁਆਚੇ
ਫਿਰ ਵਾਕਾਂ ਦੇ ਵਾਕ
ਹੁਣ ਤਾਂ ਪੂਰੀ ਦੀ ਪੂਰੀ ਕਵਿਤਾ
ਕਿਥੇ ਗਈ ਕਿਤਾਬ ...........?  

 

Monday, 20 February 2012

ਹੇ ਕਵਿਤਾ !

ਹੇ ਕਵਿਤਾ !
ਤੇਰੇ ਸ਼ਬਦਾਂ ਵਿਚ ਏਨੀ ਸੱਤਿਆ ਕਿਥੋਂ ਆਉਂਦੀ ਹੈ

ਉਠਨ  ਲੱਗਾਂ 
ਪੱਲਾ ਫੜ ਬਠਾ ਲੈਂਦੇ ਨੇ
ਖਾਣਾ ਪੀਣਾ ਭੁੱਲ ਜਾਂਦੀ ਹਾਂ
ਨਹਾਉਣ ਲਈ ਤੁਰਾਂ
ਤਾਂ ਸ਼ਬਦ ਨਾਲ ਤੁਰ ਪੈਂਦੇ
ਇੱਕ ਇੱਕ ਕਰ ਮੇਰੇ ਵਸਤਰ ਉਤਾਰਦੇ

ਮੈਂ ਸ਼ਬਦਾਂ ਨਾਲ ਨਿਰਵਸਤਰ ਨਹਾਉਂਦੀ ਹਾਂ
ਲੱਗੀ ਕੁੰਡੀ ਦੇਖ ਮੁਸਕਰਾਉਂਦੀ ਹਾਂ .......

ਉਸ ਸ਼ਾਮ ਜੋ ਮੀਹਂ ਪਿਆ ਸੀ

ਹੁਣ ਭਾਵੇਂ ਤੂੰ ਸੇਕ ਦੀ ਇੰਤਹਾ ਦੇ

ਉਸ ਸ਼ਾਮ ਜੋ ਮੀਹਂ ਪਿਆ ਸੀ
ਮੈਂ ਪਿੰਡੇ ਤੇ ਪਹਿਨ ਲਿਆ ਹੈ  .....

ਸਹੁੰ ਖਾ ਕੇ ਦੱਸ ਕਵਿਤਾ !

ਸਹੁੰ ਖਾ ਕੇ ਦੱਸ ਕਵਿਤਾ !
ਤੂੰ ਮੇਰੀਆਂ ਭੁਖਾਂ ਤ੍ਰੇਹਾਂ ਨੂੰ ਏਨਾ ਕਿਵੇਂ ਜਾਣਦੀ ਹੈਂ

ਤੂੰ ਜ਼ਰੂਰ ਮੇਰੀ ਮਾਂ ਨੂੰ ਮਿਲੀ ਹੋਵੇਂਗੀ
ਜਦੋਂ ਮੈਂ ਉਸਦੇ ਗਰਭ 'ਚ ਸਾਂ 

ਸੂਰਜ ਠਰ ਗਿਆ

ਮੈਂ ਬਸ ਫੜ ਹੀ ਲਿਆ ਸੀ
ਸੂਰਜ
ਤੂੰ ਆਵਾਜ਼ ਮਾਰ ਦਿੱਤੀ

ਸੂਰਜ ਫਿਸਲ ਗਿਆ

ਮੈਂ ਤੇਰੇ ਵੱਲ ਹੋਈ

ਤੇਰੇ ਕੋਟ ਦੀ ਜੇਬ ਥੱਲੇ ਦਗਦਾ ਸੂਰਜ ਸੀ
ਮੈਂ ਹਥ ਲਾਇਆ
ਸੂਰਜ ਠਰ ਗਿਆ
ਦਿਲ ਡਰ ਗਿਆ .....
ਕਾਂਬਾ ਹੱਡਾਂ ਚ ਵੜ ਗਿਆ ....