Thursday, 12 April 2012

ਸਾਜਿਸ਼

ਮੈਂ ਪੁਛਿਆ ਸੀ
ਕਿਹੋ ਜਿਹਾ ਹੋਣਾ ਚਾਹੀਦਾ
ਪਤੀ ਪਤਨੀ ਦਾ ਰਿਸ਼ਤਾ

ਤੂੰ ਕਿਹਾ ਸੀ
ਰੂਮ-ਮੇਟਸ ਵਰਗਾ
ਜਿਵੇਂ ਹੋਸਟਲ ਵਿਚ ਹੁੰਦਾ

ਆਪਣੀ-ਆਪਣੀ ਬਾਲਟੀ
ਆਪੋ - ਆਪਣਾ ਸਾਬਣ
ਆਪੋ -ਆਪਣਾ ਤੌਲੀਆ

ਵਖੋ-ਵਖ ਅਲਮਾਰੀ
ਅਲਮਾਰੀ ਦੇ ਵਖੋ ਵਖਰੇ ਤਾਲੇ
ਮੁਖ ਦਰਵਾਜੇ ਦਾ ਇੱਕ ਤਾਲਾ
ਤੇ ਆਪੋ ਆਪਣੀ ਚਾਬੀ

ਮੈਂ ਵੀ ਸੋਚਦੀ ਸਾਂ
ਬਿਲਕੁਲ ਇਸੇ ਤਰਾਂ

ਅਸੀਂ ਚਾਹਿਆ  ਤੇ ਰੂਮ-ਮੇਟਸ ਬਣ ਗਏ

ਫਿਰ ਸਾਜਿਸ਼ ਕੀਤੀ
ਸਾਡੇ ਕਪੜਿਆਂ ਨੇ
ਤੇ ਇੱਕੋ ਅਲਮਾਰੀ ਵਿਚ ਜਾ ਟਿਕੇ

ਇਹੀ ਸਾਜਿਸ਼-
ਤੌਲੀਏ ਸਾਬਣ ਬਰਤਨਾ ਸਬ ਨੇ ਕੀਤੀ

ਸਭ ਤੋ ਵੱਡੀ ਸਾਜਿਸ਼-
ਤਾਲਿਆਂ ਨੇ ਕੀਤੀ
ਤੇ ਚਾਬੀਆਂ ਨੇ ਦਿੱਤਾ-
ਤਾਲਿਆਂ ਦਾ ਸਾਥ

ਚਾਬੀਆਂ ਤੇ ਤਾਲਿਆਂ  ਲਈ ਲੜਦੇ
ਅਸੀਂ ਪਤਾ ਨੀ ਕੀ ਹੋ ਗਏ
ਖੁਰ ਗਿਆ ਰੂਮ-ਮੇਟਸ ਹੋਣ ਦਾ ਸੁਪਨਾ ....


1 comment: