Monday, 9 April 2012

ਇੰਤਜ਼ਾਰ

ਇੰਤਜ਼ਾਰ (੧)

ਇੰਤਜ਼ਾਰ ਦੀ ਤਣੀ ਹੋਈ ਰੱਸੀ 'ਤੇ ਤੁਰਦਿਆਂ
ਕਦੇ ਸੱਜਾ ਪੱਬ ਬਚਾਉਂਦਾ
ਕਦੇ ਖੱਬਾ

ਕਦੇ ਕਦੇ ਪੈਰਾਂ ਦੇ ਨਹੁੰ ਵੀ ਬਚਾ ਲੈਂਦੇ

ਜਦੋਂ ਜਿਸਮ ਇਨਕਾਰੀ ਹੁੰਦਾ
ਮੈਂ ਸਾਹਾਂ ਨਾਲ ਫੜਦੀ ਹਾਂ ਰੱਸੀ
ਤੇ ਹਵਾ ਵਿਚ ਲਟਕ ਜਾਂਦੀ ਹਾਂ

ਹੁਣ ਹੁੰਗਾਰਾ ਨਾ ਭਰ

ਤੇਰੇ 'ਹੂੰ' ਦੀ ਗੂੰਜ ਵੀ
ਮੇਰਾ ਸੰਤੁਲਨ ਵਿਗਾੜਦੀ....

ਇੰਤਜ਼ਾਰ (੨)

ਇੰਤਜ਼ਾਰ ਦੀ ਤਣੀ ਹੋਈ ਰੱਸੀ 'ਤੇ ਤੁਰਦਿਆਂ
ਨਾ ਯਾਦਾਂ ਨਾਲ ਹੁੰਦੀਆਂ
ਨਾ ਸੁਪਨੇ

ਬਸ ਇੱਕ ਡਰ ਹੁੰਦਾ ...
ਰੱਸੀ ਤੋ ਤਿਲਕਣ ਦਾ
ਖਾਈ ਵਿਚ ਡਿੱਗਣ ਦਾ

ਮਾਫ਼ ਕਰੀਂ !
ਇਸ ਰੱਸੀ ਤੇ ਤੁਰਦਿਆਂ
ਜਦੋਂ ਚੀਕ ਵੀ ਨਿਕਲੀ
ਮੇਰੇ ਨਾਲ ਡਰ ਸੀ
ਤੇਰਾ ਪਿਆਰ ਨਹੀਂ ...

ਇੰਤਜ਼ਾਰ (੩)

ਇੰਤਜ਼ਾਰ ਦੀ ਕਸੀ ਹੋਈ ਰੱਸੀ 'ਤੇ
ਨਟੀ ਵਾਂਗ ਤੁਰਦਿਆਂ

ਮੈਂ ਬਾਹਾਂ ਹਵਾ ਵਿਚ ਫੈਲਾ ਦਿੱਤੀਆਂ

ਹਵਾ ਨੇ ਕਿਹਾ ..
ਮੇਰਾ ਨਾ ਭਾਰ ਨਾ ਜਿਸਮ
ਨਾ ਵਸਲ ਨਾ ਹਿਜ਼ਰ

ਮੈਂ ਹਵਾ ਵਿਚ ਘੁਲ ਗਈ

ਰੱਸੀ ਦੇ ਦੂਜੇ ਪਾਸੇ
ਤੂੰ ਹਥ ਵਧਾਈ ਖੜਾ ਸੀ

ਮੈਂ ਤੇਰੀਆਂ ਉਂਗਲਾ ਦੀਆਂ ਵਿਰਲਾਂ ਥਾਣੀ ਨਿਕਲ ਗਈ ....

ਇੰਤਜ਼ਾਰ (੪)

ਇੰਤਜ਼ਾਰ ਦੀ ਕਸੀ ਹੋਈ ਰੱਸੀ ਤੋਂ ਉਤਰਕੇ ਹੀ
ਸੰਭਵ ਹੋਈ
ਨਟੀ ਦੇ ਸਫਰ ਦੀ ਕਵਿਤਾ.....

1 comment: